BREAKING NEWS

Click

Thursday, April 25, 2019

ਪੰਜਾਬ ਦੇ ਹਰ ਪਿੰਡ ਨੂੰ ਮਿੰਨੀ ਚੰਡੀਗੜ੍ਹ ਬਣਾ ਦਿਆਂਗੇ : ਸੁਖਬੀਰ ਬਾਦਲ


ਫਾਜ਼ਿਲਕਾ (timesofgreatpunjab) – ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਰਕਲ ਪ੍ਰਧਾਨ ਐਡਵੋਕੇਟ ਦੇਸ ਰਾਜ ਕੰਬੋਜ ਜੰਡਵਾਲੀਆ ਲੱਖੇਵਾਲੀ ਢਾਬ ਵਿਖੇ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋ ਗਏ। ਪ੍ਰਭਾਵਸ਼ਾਲੀ ਆਗੂਆਂ ਅਤੇ ਵਰਕਰਾਂ ਦਾ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੇਸ ਰਾਜ ਦਾ ਸਿਰੋਪਾਓ ਪਾ ਕੇ ਪਾਰਟੀ 'ਚ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਵੀ ਮੌਜੂਦ ਸਨ। ਇਸ ਤੋਂ ਬਾਅਦ ਰਾਏ ਸਿੱਖ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੇ ਲੱਖੋਕੇ ਵਿਖੇ ਅਕਾਲੀ ਦਲ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਵੱਖ-ਵੱਖ ਥਾਵਾਂ 'ਤੇ ਜਨਤਕ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਕਣਕ ਦੀ ਖਰੀਦ ਨੂੰ ਜਾਣ-ਬੁੱਝ ਕੇ ਲੇਟ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਉਨ੍ਹਾਂ ਕਣਕ ਦੀ ਖਰੀਦ, ਚੁਕਾਈ ਅਤੇ ਅਦਾਇਗੀ ਦੇ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਸੂਬੇ ਨੂੰ ਅਗਾਂਹ ਵੱਲ ਲਿਜਾਣ ਦੀ ਗੱਲ ਕਰਦਿਆਂ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਵਾਸਤੇ ਹੁਣੇ ਤੋਂ ਇਕ ਖਾਕਾ ਉਲੀਕ ਰੱਖਿਆ ਹੈ ਤਾਂ ਕਿ ਸੂਬੇ ਨੂੰ ਵਿਕਾਸ ਪੱਖੋਂ ਦੁਨੀਆ ਦੇ ਬਰਾਬਰ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਅਸੀਂ ਪੰਜਾਬ ਦੇ ਸਾਰੇ 12500 ਪਿੰਡਾਂ 'ਚ ਦੇਸ਼ ਦੇ ਨਮੂਨੇ ਦੇ ਸ਼ਹਿਰਾਂ ਵਾਂਗ ਪੀਣ ਲਈ ਸਾਫ ਪਾਣੀ ਦੀ ਸਪਲਾਈ, ਸੀਵਰੇਜ, ਗਲੀਆਂ 'ਚ ਰੌਸ਼ਨੀ ਦਾ ਪ੍ਰਬੰਧ ਅਤੇ ਪੱਕੀਆਂ ਗਲੀਆਂ ਨਾਲ ਕਰਾਂਗੇ। ਮੈਂ ਹਮੇਸ਼ਾ ਸੁਪਨੇ ਪੂਰੇ ਕਰਨ 'ਚ ਲੱਗਾ ਰਹਿੰਦਾ ਹਾਂ। ਮੇਰਾ ਇਕ ਸੁਪਨਾ ਪੰਜਾਬ ਦੇ ਹਰ ਪਿੰਡ ਨੂੰ ਮਿੰਨੀ ਚੰਡੀਗੜ੍ਹ ਵਰਗਾ ਬਣਾਉਣਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਸਰਕਾਰ ਨੇ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਜਿਵੇਂ ਆਟਾ-ਦਾਲ, ਪੈਨਸ਼ਨ, ਸ਼ਗਨ, ਦਲਿਤਾਂ ਨੂੰ ਵਜ਼ੀਫੇ, ਦਲਿਤਾਂ ਨੂੰ 200 ਯੂਨਿਟ ਮੁਫਤ ਬਿਜਲੀ, ਹਰ ਪੰਜਾਬੀ ਦਾ 50 ਹਜ਼ਾਰ ਤੱਕ ਦਾ ਮੁਫਤ ਇਲਾਜ ਅਤੇ 5 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ, ਸਕੂਲੀ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ, ਨੌਜਵਾਨਾਂ ਨੂੰ ਮੁਫਤ ਸਪੋਰਟਸ ਕਿੱਟਾਂ ਆਦਿ ਸਭ ਕੁਝ ਬੰਦ ਕਰ ਦਿੱਤਾ ਹੈ।

Post a Comment

 
Copyright © 2013 Times of Great Punjab
Distributed By Free Premium Themes. Shared By I Tech GYD Powered byBlogger